College History

Bhai Sahib Bhai Narain Singh and his wife Bebe Ram Kaur and their daughter Bibi Harparkash Kaur
                                                                                   
                                                                              ਸਿੱਧਵਾਂ ਵਿੱਦਿਅਕ ਸੰਸਥਾਵਾਂ ਦਾ ਇਤਿਹਾਸ


ਸਿੱਖ ਧਰਮ ਦੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਵਰਸੋਏ ਪਿੰਡ ਸਿੱਧਵਾਂ ਖੁਰਦ ਵਿੱਚ ਭਾਈ ਸਾਹਿਬ ਭਾਈ ਨਰਾਇਣ ਸਿੰਘ ਜੀ ਇੱਕ ਤਕੜੇ ਕਿਸਾਨ ਘਰਾਣੇ ਨਾਲ ਸਬੰਧਿਤ ਸਨ।ਆਪ ਜੀ ਸੁਭਾਅ ਵਜੋਂ ਨੇਕ, ਸੁਹਿਰਦ, ਪਰਉਪਕਾਰੀ, ਸੰਵੇਦਨਸ਼ੀਲ ਸ਼ਖ਼ਸੀਅਤ ਦੇ ਮਾਲਕ ਹੋਣ ਦੇ ਨਾਲ-ਨਾਲ ਕਿੱਤੇ ਵਜੋਂ ਚੰਗੇ ਵੈਦ ਸਨ।ਭਾਈ ਸਾਹਿਬ ਜੀ ਗਰੀਬ ਅਤੇ ਲੋੜਵੰਦ ਲੋਕਾਂ ਦਾ ਇਲਾਜ ਮੁਫ਼ਤ ਵਿੱਚ ਕਰਦੇ ਸਨ।ਆਪ ਜੀ ਦੇ ਪਰਿਵਾਰ ਵਿੱਚ ਸਪੁਤਨੀ ਬੇਬੇ ਰਾਮ ਕੌਰ ਜੀ, ਸਪੁੱਤਰੀ ਬੀਬੀ ਹਰਿਪ੍ਰਕਾਸ਼ ਕੌਰ ਜੀ ਅਤੇ ਸਪੁੱਤਰ ਕਾਕਾ ਉਜਾਗਰ ਸਿੰਘ ਜੀ ਸਨ।ਮਿਤੀ 9 ਮਈ 1908 ਨੂੰ ਉਹਨਾਂ ਦਾ ਦਸਾਂ ਵਰ੍ਹਿਆਂ ਦਾ ਲਾਡਲਾ ਪੁੱਤਰ ਕਾਕਾ ਉਜਾਗਰ ਸਿੰਘ ਅਚਾਨਕ ਸਦੀਵੀ ਵਿਛੋੜਾ ਦੇ ਗਿਆ।ਇਸ ਬੇਵਕਤੀ ਮੌਤ ਨਾਲ ਪਰਿਵਾਰ ਗਮ ਨਾਲ ਨਪੀੜਿਆ ਗਿਆ।ਦੁਖਾਂਤਕ ਅਤੇ ਤਲ਼ਖ ਇਮਤਿਹਾਨ ਵਿੱਚੋਂ ਗੁਜ਼ਰ ਰਹੇ ਭਾਈ ਸਾਹਿਬ ਨੂੰ ਸੰਤ ਗੁਰਬਖਸ਼ ਸਿੰਘ ਜੀ ਪਟਿਆਲੇ ਵਾਲਿਆਂ ਨੇ ਉਸਾਰੂ ਜੀਵਨ ਦੀ ਸੇਧ ਤੇ ਰਾਇ ਦਿੱਤੀ ਕਿ ਬੀਬੀ ਹਰਿਪ੍ਰਕਾਸ਼ ਕੌਰ ਨੂੰ ਪੜ੍ਹਨ ਲਈ ਸਕੂਲ ਲਗਾਇਆ ਜਾਵੇ।ਭਾਈ ਸਾਹਿਬ ਜੀ ਨੇ ਇਹ ਸੁਝਾਅ ਮੰਨਦਿਆਂ ਬੀਬੀ ਹਰਿਪ੍ਰਕਾਸ਼ ਕੌਰ ਜੀ ਨੂੰ ਪੜ੍ਹਾਉਣ ਦਾ ਮਨ ਬਣਾ ਲਿਆ।ਉਸ ਸਮੇਂ ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ ਪ੍ਰਚਲਿਤ ਨਹੀਂ ਸੀ।


ਭਾਈ ਸਾਹਿਬ ਨੇ ਮਿਤੀ 29 ਮਈ 1909 ਨੂੰ ਆਪਣੇ ਘਰ ਦੇ ਵਿਹੜੇ ਵਿੱਚ ਸ਼ਹਿਤੂਤ ਦੇ ਰੁੱਖ ਦੀ ਸੰਘਣੀ ਛਾਂ ਹੇਠ 4 ਬੱਚੀਆਂ ਨਾਲ ਇੱਕ ਸਕੂਲ ਦੀ ਸਥਾਪਨਾ ਕੀਤੀ।ਇਸ ਸਕੂਲ ਦੀਆਂ ਪਹਿਲੀਆਂ ਚਾਰ ਵਿਿਦਆਰਥਣਾਂ ਬੀਬੀ ਹਹਿਪ੍ਰਕਾਸ਼ ਕੌਰ, ਬੀਬੀ ਭਾਨ ਕੌਰ, ਬੀਬੀ ਸੋਧ ਕੌਰ ਅਤੇ ਬੀਬੀ ਭਾਗ ਕੌਰ ਸਨ।ਭਾਈ ਸਾਹਿਬ ਨੇ ਸਮਾਜ ਕਲਿਆਣ ਲਈ ਆਪਣੀ 20 ਵਿੱਘੇ ਜ਼ਮੀਨ ਇਸ ਸਕੂਲ ਦੇ ਨਾਮ ਲਗਵਾ ਦਿੱਤੀ ਅਤੇ ਬਹੁਤ ਔਕੜਾਂ ਦਾ ਸਾਹਮਣਾ ਕਰਦੇ ਹੋਏ ਆਪ ਜੀ ਨੇ ਇਸ ਪ੍ਰਾਇਮਰੀ ਸਕੂਲ ਨੂੰ ਮਿਡਲ ਸਕੂਲ ਬਣਾਉਣ ਲਈ, ਪ੍ਰਵਾਨਗੀ ਪ੍ਰਾਪਤ ਕੀਤੀ।ਬੀਬੀ ਹਰਿਪ੍ਰਕਾਸ਼ ਕੌਰ ਜੀ ਨੇ ਮਿਡਲ ਤੱਕ ਦੀ ਸਿੱਖਿਆ ਇਸੇ ਸਕੂਲ ਵਿੱਚੋਂ ਪ੍ਰਾਪਤ ਕੀਤੀ ਅਤੇ ਪੜ੍ਹਾਈ ਤੋਂ ਉਪਰੰਤ ਬੀਬੀ ਜੀ ਦਾ ਆਨੰਦ ਕਾਰਜ ਹੁਸ਼ਿਆਰਪੁਰ ਵਿੱਚ ਫੌਜੀ ਅਫ਼ਸਰ ਸ.ਅਮਰ ਸਿੰਘ ਜੀ ਨਾਲ ਹੋਇਆ।ਸੰਨ 1920 ਵਿੱਚ ਬੀਬੀ ਜੀ ਦੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖ਼ਸ਼ੀ ਪਰ ਇਹ ਬੱਚਾ ਇੱਕ ਸਾਲ ਹੀ ਆਪਣੀ ਮਾਂ ਦੀ ਗੋਦ ਦਾ ਨਿੱਘ ਮਾਣ ਕੇ ਸੰਸਾਰ ਤੋਂ ਵਿਦਾ ਹੋ ਗਿਆ ਅਤੇ ਵਿਆਹ ਤੋਂ ਦੋ ਸਾਲ ਬਾਅਦ ਹੀ ਬੀਬੀ ਜੀ ਦੇ ਪਤੀ ਸ.ਅਮਰ ਸਿੰਘ ਵੀ ਅਕਾਲ ਚਲਣਾ ਕਰ ਗਏ।ਪਤੀ ਦੇ ਜਾਣ ਮਗਰੋਂ ਕੁਝ ਮਹੀਨੇ ਬਾਅਦ ਹੀ ਇੱਕ ਬੱਚੀ ਦਾ ਜਨਮ ਹੋਇਆ ਪਰ ਜਲਦੀ ਹੀ ਅਕਾਲ ਪੁਰਖ ਨੇ ਉਸ ਨੂੰ ਵੀ ਵਾਪਿਸ ਬੁਲਾ ਲਿਆ।


ਬੀਬੀ ਜੀ ਅਕਾਲ ਪੁਰਖ ਦਾ ਭਾਣਾ ਮੰਨ ਕੇ ਆਪਣੇ ਪਿੰਡ ਸਿੱਧਵਾਂ ਖੁਰਦ ਵਾਪਿਸ ਆ ਗਏ।ਬੀਬੀ ਜੀ ਦੇ ਦੁੱਖ ਕਾਰਨ ਭਾਈ ਸਾਹਿਬ ਨੂੰ ਚਿੰਤਾ ਨੇ ਫਿਰ ਆ ਘੇਰਿਆ ਤੇ ਉਹ ਗਮ ਵਿੱਚ ਡੁੱਬੇ ਰਹਿਣ ਲੱਗੇ।ਬੀਬੀ ਜੀ ਨੇ ਇਕ ਦਿਨ ਹੌਂਸਲਾ ਕੀਤਾ ਤੇ ਆਪਣੇ ਬਾਪੂ ਜੀ ਨੂੰ ਕਹਿਣ ਲੱਗੇ, “ਬਾਪੂ ਜੀ! ਤੁਸੀਂ ਸੰਸਾ ਨਾ ਕਰੋ, ਦੁਨੀਆਂ ਮੈਂ ਦੇਖ ਲਈ ਹੈ।ਆਪ ਵਾਲੀ ਸੇਵਾ ਵਿੱਚ ਜੁਟ ਜਾਣਾ ਚਾਹੁੰਦੀ ਹਾਂ ਤੇ ਪੂਰੀ ਉਮਰ ਸੇਵਾ ਵਿੱਚ ਲੰਘਾ ਦੇਣਾ ਚਾਹੁੰਦੀ ਹਾਂ” ਅਤੇ ਬੀਬੀ ਜੀ ਸਮਾਜ ਸੇਵਾ ਵਿੱਚ ਜੁਟ ਗਏ।ਇਸ ਦੇ ਨਾਲ-ਨਾਲ ਬੀਬੀ ਜੀ ਨੇ ਮੈਟ੍ਰਿਕ, ਗਿਆਨੀ ਅਤੇ ਹੋਮਿਉਪੈਥੀ ਦਾ ਡਿਪਲੋਮਾ ਪਾਸ ਕੀਤਾ।ਸੰਨ 1934 ਵਿੱਚ ਮਿਡਲ ਸਕੂਲ ਤੋਂ ਸਿੱਖ ਗਰਲਜ਼ ਹਾਈ ਸਕੂਲ ਬਣ ਗਿਆ ਅਤੇ ਭਾਈ ਸਾਹਿਬ ਜੀ ਵੱਲੋਂ ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਬਣਾ ਕੇ ਆਪਣੀ ਸਾਰੀ ਜ਼ਮੀਨ ਜਾਇਦਾਦ ਇਸ ਟਰੱਸਟ ਦੇ ਨਾਮ ਲਗਵਾ ਦਿੱਤੀ ਗਈ।


11 ਮਈ 1937 ਨੂੰ ਭਾਈ ਸਾਹਿਬ ਭਾਈ ਨਰਾਇਣ ਸਿੰਘ ਜੀ ਨੂੰ ‘ਸਰਦਾਰ ਸਾਹਿਬ’ ਅਤੇ ‘ਕੇਸਰ-ਏ-ਹਿੰਦ’ ਦੀ ਉੋੋਪਾਧੀ ਨਾਲ ਸਨਮਾਨਿਤ ਕੀਤਾ ਗਿਆ। 21 ਅਗਸਤ 1944 ਨੂੰ ਭਾਈ ਸਾਹਿਬ ਨੂੰ ਦਰਗਾਹੀ ਸੱਦਾ ਆ ਗਿਆ।ਇਸ ਉਪਰੰਤ ਆਪ ਜੀ ਦੀ ਸੁਪਤਨੀ ਬੇਬੇ ਰਾਮ ਕੌਰ ਜੀ ਟਰੱਸਟ ਦੇ ਪ੍ਰਧਾਨ ਬਣੇ।ਬੇਬੇ ਰਾਮ ਕੌਰ ਜੀ ਹੋਸਟਲ ਦਾ ਪ੍ਰਬੰਧ ਅਤੇ ਬੱਚੀਆਂ ਦੀ ਦੇਖਭਾਲ ਕਰਦੇ ਸਨ।ਭਾਈ ਸਾਹਿਬ ਭਾਈ ਨਰਾਇਣ ਸਿੰਘ ਜੀ ਦੀ ਨੂੰਹ ਬੀਬੀ ਅਤਰ ਕੌਰ ਜੀ ਨੇ ਬਾਲ-ਵਿਧਵਾ ਹੋਣ ਦੇ ਬਾਵਜੂਦ ਵੀ ਦੁਬਾਰਾ ਵਿਆਹ ਨਹੀਂ ਕਰਵਾਇਆ ਅਤੇ ਹੋਸਟਲ ਦੇ ਪ੍ਰਬੰਧਾਂ ਵਿੱਚ ਪੂਰਨ ਸਹਿਯੋਗ ਦਿੰਦੇ ਸਨ।ਉਹਨਾਂ ਨੇ ਆਪਣਾ ਸਾਰਾ ਜੀਵਨ ਸੇਵਾ ਭਾਵਨਾ ਨਾਲ ਕੁੜੀਆਂ ਦੀ ਪੜ੍ਹਾਈ ਨੂੰ ਸਮਰਪਿਤ ਕਰ ਦਿੱਤਾ।


ਸੰਨ 1950 ਵਿੱਚ ਖ਼ਾਲਸਾ ਕਾਲਜ ਫ਼ਾਰ ਵਿਮੈਨ ਹੋਂਦ ਵਿਚ ਆਇਆ। 19 ਅਗਸਤ 1952 ਨੂੰ ਬੇਬੇ ਰਾਮ ਕੌਰ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਉਹਨਾਂ ਤੋਂ ਪਿੱਛੋਂ ਸੰਸਥਾਵਾਂ ਦੀ ਜਿੰਮੇਵਾਰੀ ਬੀਬੀ ਹਰਿਪ੍ਰਕਾਸ਼ ਕੌਰ ਜੀ ਨੇ ਆਪਣੇ ਹੱਥਾਂ ਵਿੱਚ ਲੈ ਲਈ।ਸੰਨ 1953 ਵਿੱਚ ਬੀਬੀ ਜੀ ਦੇ ਯਤਨਾਂ ਅਤੇ ਮਿਹਨਤ ਸਦਕਾ ਜੇ.ਬੀ.ਟੀ ਦਾ ਕੋਰਸ ਅਤੇ 1955 ਵਿੱਚ ਬੀ.ਐੱਡ ਦਾ ਕੋਰਸ ਸ਼ੁਰੂ ਹੋਇਆ।ਆਪ ਜੀ ਸੋਸ਼ਲ ਵੈਲਫ਼ੇਅਰ ਬੋਰਡ ਦੇ ਮੈਂਬਰ ਬਣੇ ਅਤੇ ਸੰਨ 1957 ਤੋਂ 1962 ਤੱਕ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਸੇਵਾ ਨਿਭਾਈ।ਆਪ ਜੀ ਨੇ ਇਸਤਰੀ ਮੰਡਲ ਦੇ ਕੰਮਾਂ ਵਿੱਚ ਵੀ ਸਰਗਰਮੀ ਨਾਲ ਕੰਮ ਕੀਤਾ।ਆਪ ਜੀ ਵੱਲੋਂ ਸਿੱਖਿਆ ਦੇ ਪਸਾਰ ਹਿੱਤ ਪਾਏ ਵੱਡਮੁੱਲੇ ਯੋਗਦਾਨ ਅਤੇ ਜ਼ਿਕਰਯੋਗ ਪ੍ਰਾਪਤੀਆਂ ਦੇ ਇਵਜ਼ ਨੂੰ ਸਤਿਕਾਰਦੇ ਹੋਏ ਭਾਰਤ ਸਰਕਾਰ ਦੇ ਪਹਿਲੇ ਰਾਸ਼ਟਰਪਤੀ ਸ੍ਰੀ ਰਾਜਿੰਦਰ ਪ੍ਰਸਾਦ ਤੋਂ ਸੰਨ 1961 ਵਿਚ  ਆਪ ਜੀ ਨੂੰ ‘ਪਦਮ ਸ਼੍ਰੀ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।ਮਿਤੀ 05 ਅਗਸਤ 1965 ਨੂੰ ਬੀਬੀ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ।


ਬੀਬੀ ਜੀ ਦੇ ਜਾਣ ਪਿੱਛੋਂ ਸ.ਮਹਿੰਦਰ ਸਿੰਘ ਸਿੱਧਵਾਂ ਟਰੱਸਟ ਦੇ ਅਗਲੇ ਪ੍ਰਧਾਨ ਬਣੇ ਅਤੇ ਫਿਰ ਉਨ੍ਹਾਂ ਦੇ ਸਪੁੱਤਰ ਸ.ਜਗਦੇਵ ਸਿੰਘ ਸਿੱਧਵਾਂ ਤੋਂ ਬਾਅਦ ਜਰਨਲ ਗੁਰਬਖ਼ਸ ਸਿੰਘ ਨੇ ਸੰਸਥਾਵਾਂ ਦੀ ਜਿੰਮੇਵਾਰੀ ਨੂੰ ਸੰਭਾਲਿਆ।ਸੰਨ 1968 ਵਿੱਚ ਬੀਬੀ ਹਰਿਪ੍ਰਕਾਸ਼ ਕੌਰ ਕਾਲਜ ਆਫ਼ ਐਜੂਕੇਸ਼ਨ ਫਾਰ ਵਿਮੈਨ ਵਿਚ ਐੱਮ.ਐੱਡ ਦਾ ਕੋਰਸ ਸ਼ੁਰੂ ਹੋਇਆ ਅਤੇ 1976 ਵਿੱਚ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਹੋਂਦ ਵਿੱਚ ਆਇਆ।ਸੰਨ 2004 ਵਿੱਚ ਸਿੱਖ ਗਰਲਜ਼ ਹਾਈ ਸਕੂਲ ਤੋਂ ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਣ ਗਿਆ ਅਤੇ ਸੰਨ 2006 ਵਿੱਚ ਜੀ.ਐਚ.ਜੀ.ਇੰਸੀਚਿਊਟ ਆਫ਼ ਲਾਅ ਕਾਲਜ ਹੋਂਦ ਵਿੱਚ ਆਇਆ।ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਨੇ ਨਿਰੰਤਰ ਸਿੱਖਿਆ ਦੇ ਪਸਾਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ ਅਤੇ ਪਾ ਰਹੇ ਹਨ।ਸੰਨ 1909 ਵਿੱਚ ਚਾਰ ਵਿਿਦਆਰਥਣਾਂ ਨਾਲ ਸ਼ੁਰੂ ਕੀਤਾ ਇੱਕ ਪ੍ਰਾਇਮਰੀ ਸਕੂਲ ਅੱਜ ਪੰਜ ਵਿੱਦਿਅਕ ਸੰਸਥਾਵਾਂ ਦੇ ਰੂਪ ਵਿੱਚ ਪ੍ਰਫੁੱਲਿਤ ਹੋ ਚੁੱਕਿਆ ਹੈ।


ਭਾਈ ਸਾਹਿਬ ਭਾਈ ਨਰਾਇਣ ਸਿੰਘ ਜੀ ਦੇ ਪਰਿਵਾਰ ਦੀ ਸਰਪ੍ਰਸਤੀ ਅਤੇ ਰਹਿਨੁਮਾਈ ਹੇਠ ਚੁਣੇ ਗਏ ਕਾਬਿਲ, ਤਜ਼ਰਬੇਕਾਰ ਅਤੇ ਸੂਝਵਾਨ ਟਰੱਸਟੀਜ਼ ਦੀਆਂ ਅਣਥੱਕ ਸੇਵਾਵਾਂ ਸਦਕਾ ਇਹ ਪੰਜ ਵਿੱਦਿਅਕ ਸੰਸਥਾਵਾਂ ਵਿਿਦਆਰਥੀਆਂ ਨੂੰ ਸਿੱਖਿਅਤ ਕਰ ਰਹੀਆਂ ਹਨ।ਸੰਸਥਾਵਾਂ ਵਿੱਚ ਹੋਸਟਲ ਦਾ ਸੁਚੱਜਾ ਪ੍ਰਬੰਧ, ਡਿਸਪੈਨਸਰੀ, ਖੁੱਲ੍ਹੇ ਵੱਡੇ ਖੇਡ ਦੇ ਮੈਦਾਨ ਆਦਿ ਵਿਿਦਆਰਥੀਆਂ ਲਈ ਸਾਰੀਆਂ ਸਹੂਲਤਾਂ ਉਪਲੱਬਧ ਕਰਦੇ ਹਨ।ਸਿੱਧਵਾਂ ਵਿੱਦਿਅਕ ਸੰਸਥਾਵਾਂ ਵਿੱਚੋਂ ਸਿੱਖਿਅਤ ਵਿਿਦਆਰਥਣਾਂ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਸਮਾਜ ਕਲਿਆਣ ਲਈ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ।ਇਹ ਸੰਸਥਾਵਾਂ ਅਕਾਦਮਿਕ ਪੱਧਰ ਦੇ ਨਾਲ-ਨਾਲ ਖੇਡਾਂ, ਸੱੱਭਿਆਚਾਕ ਗਤੀਵਿਧੀਆਂ ਅਤੇ ਨੈਤਿਕ ਖੇਤਰ ਵਿੱਚ ਵਿਿਦਆਰਥੀਆਂ ਦਾ ਮਾਰਗ ਦਰਸ਼ਨ ਕਰ ਰਹੀਆਂ ਹਨ ਅਤੇ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹ ਰਹੀਆਂ ਹਨ।


ਮੌਜੂਦਾ ਸ੍ਰੀ ਗਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟੀਜ਼:- 
1. ਸ.ਬੀਰਇੰਦਰ ਸਿੰਘ ਸਿੱਧੂ (ਰਿਟਾ:ਡੀ.ਜੀ.ਪੀ)           -    ਪ੍ਰਧਾਨ
2. ਸ.ਪ੍ਰੀਤਮ ਸਿੰਘ ਜੌਹਲ                                   -    ਸਕੱਤਰ
3. ਡਾ.ਗੁਰਿੰਦਰ ਸਿੰਘ ਗਰੇਵਾਲ                            -    ਮੈਨੇਜਰ
4. ਸ.ਹਰਮੇਲ ਸਿੰਘ ਸਿੱਧੂ                                   -    ਮੈਂਬਰ
5. ਸ.ਕਿਰਪਾਲ ਸਿੰਘ ਭੱਠਲ                               -    ਮੈਂਬਰ
6. ਸ.ਦਵਿੰਦਰ ਸਿੰਘ ਮਾਨ                                 -    ਮੈਂਬਰ
7. ਸ.ਜਰਨੈਲ ਸਿੰਘ ਢਿੱਲੋਂ                                 -    ਮੈਂਬਰ